ਰੋਮੀਆਂ ਨੂੰ
ਲੇਖਕ
ਰੋਮੀਆਂ 1:1 ਤੋਂ ਪਤਾ ਚੱਲਦਾ ਹੈ ਕਿ ਰੋਮੀਆਂ ਨੂੰ ਲਿਖੀ ਪੱਤ੍ਰੀ ਦਾ ਲੇਖਕ ਪੌਲੁਸ ਸੀ, ਜਦੋਂ 16 ਸਾਲ ਦਾ ਨੀਰੋ ਰੋਮ ਦੇ ਸਮਰਾਟ ਵਜੋਂ ਰਾਜਗੱਦੀ ਉੱਤੇ ਬੈਠਿਆ, ਉਸ ਦੇ ਤਿੰਨ ਸਾਲ ਬਾਅਦ ਪੌਲੁਸ ਨੇ ਰੋਮੀਆਂ ਦੀ ਪੱਤ੍ਰੀ ਨੂੰ ਯੂਨਾਨ ਦੇ ਸ਼ਹਿਰ ਕੁਰਿੰਥੁਸ ਤੋਂ ਲਿਖਿਆ। ਯੂਨਾਨੀਆਂ ਦਾ ਇਹ ਪ੍ਰਮੁੱਖ ਸ਼ਹਿਰ ਅਨੈਤਿਕਤਾ ਅਤੇ ਮੂਰਤੀ ਪੂਜਾ ਦਾ ਮੁੱਖ ਸਥਾਨ ਸੀ। ਇਸ ਲਈ ਜਦ ਪੌਲੁਸ ਨੇ ਰੋਮੀਆਂ ਵਿੱਚ ਮਨੁੱਖਤਾ ਦੇ ਪਾਪ ਅਤੇ ਪਰਮੇਸ਼ੁਰ ਦੀ ਕ੍ਰਿਪਾ ਦੀ ਸ਼ਕਤੀ ਬਾਰੇ ਲਿਖਿਆ ਕਿ ਉਹ ਕਿਸ ਤਰ੍ਹਾਂ ਚਮਤਕਾਰੀ ਢੰਗ ਨਾਲ ਅਤੇ ਪੂਰੀ ਤਰ੍ਹਾਂ ਨਾਲ ਜੀਵਨਾਂ ਨੂੰ ਬਦਲ ਸਕਦਾ ਹੈ, ਤਾਂ ਉਹ ਜਾਣਦਾ ਸੀ ਕਿ ਕਿਸ ਦੇ ਬਾਰੇ ਬੋਲ ਰਿਹਾ ਹੈ। ਇਸ ਪੱਤ੍ਰੀ ਵਿੱਚ ਪੌਲੁਸ ਦੇ ਮੁੱਖ ਵਿਸ਼ਿਆਂ ਦੀ ਰੂਪ-ਰੇਖਾ ਮਸੀਹੀ ਖੁਸ਼ਖਬਰੀ ਤੇ ਆਧਾਰਿਤ ਹੈ, ਜੋ ਕਿ ਸਾਰੇ ਮੁੱਖ ਵਿਸ਼ਿਆਂ ਜਾਣਕਾਰੀ ਦਿੰਦੀ ਹੈ, ਜਿਵੇਂ ਕਿ: ਪਰਮੇਸ਼ੁਰ ਦੀ ਪਵਿੱਤਰਤਾ, ਮਨੁੱਖਜਾਤੀ ਦੇ ਪਾਪ, ਅਤੇ ਯਿਸੂ ਮਸੀਹ ਦੁਆਰਾ ਬਚਾਏ ਜਾਣ ਲਈ ਦਿੱਤੀ ਗਈ ਮੁਕਤੀ ਦੀ ਕਿਰਪਾ ਆਦਿ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 57 ਈ. ਦੇ ਵਿਚਕਾਰ ਕੁਰਿੰਥੁਸ ਤੋਂ ਭੇਜੀ ਗਈ।
ਇਸ ਨੂੰ ਲਿਖੇ ਜਾਣ ਦਾ ਮੁੱਖ ਸਥਾਨ ਰੋਮ ਹੋ ਸਕਦਾ ਹੈ।
ਪ੍ਰਾਪਤ ਕਰਤਾ
ਉਹਨਾਂ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਹਨ ਅਤੇ ਪਵਿੱਤਰ ਹੋਣ ਲਈ ਬੁਲਾਏ ਗਏ ਹਨ, (ਰੋਮ 1:7) ਅਰਥਾਤ ਰੋਮ ਸ਼ਹਿਰ, ਜੋ ਕਿ ਰੋਮ ਸਾਮਰਾਜ ਦੀ ਰਾਜਧਾਨੀ ਸੀ, ਉੱਥੇ ਪਾਏ ਜਾਣ ਵਾਲੇ ਕਲੀਸਿਯਾ ਦੇ ਸਾਰੇ ਮੈਂਬਰਾਂ ਲਈ ਲਿਖੀ ਗਈ।
ਉਦੇਸ਼
ਰੋਮੀਆਂ ਨੂੰ ਲਿਖੀ ਗਈ ਪੱਤ੍ਰੀ ਮਸੀਹੀ ਸਿਧਾਂਤਾਂ ਨੂੰ ਸਭ ਤੋਂ ਸਪੱਸ਼ਟ ਅਤੇ ਸਭ ਤੋਂ ਵਿਵਸਥਤ ਤਰੀਕੇ ਨਾਲ ਪੇਸ਼ ਕਰਦੀ ਹੈ। ਪੌਲੁਸ ਮਨੁੱਖ ਜਾਤੀ ਦੇ ਪਾਪਾਂ ਬਾਰੇ ਵਿਚਾਰ ਕਰਨ ਨਾਲ ਸ਼ੁਰੂਆਤ ਕਰਦਾ ਹੈ। ਪਰਮੇਸ਼ੁਰ ਦੇ ਵਿਰੁੱਧ ਵਿਦਰੋਹ ਕਰਨ ਦੇ ਕਾਰਨ ਸਾਰੇ ਲੋਕ ਵਿਨਾਸ਼ ਦੇ ਭਾਗੀ ਹਨ। ਹਾਲਾਂਕਿ, ਪਰਮੇਸ਼ੁਰ ਆਪਣੀ ਕਿਰਪਾ ਦੇ ਕਾਰਨ, ਆਪਣੇ ਪੁੱਤਰ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਨੂੰ ਧਰਮੀ ਠਹਿਰਾਏ ਜਾਣ ਦਾ ਮੌਕਾ ਦਿੰਦਾ ਹੈ। ਜਦੋਂ ਅਸੀਂ ਪਰਮੇਸ਼ੁਰ ਦੁਆਰਾ ਧਰਮੀ ਠਹਿਰਾਏ ਜਾਂਦੇ ਹਾਂ, ਤਾਂ ਸਾਨੂੰ ਮੁਕਤੀ, ਜਾਂ ਛੁਟਕਾਰਾ ਪ੍ਰਾਪਤ ਹੁੰਦਾ ਹੈ, ਕਿਉਂਕਿ ਮਸੀਹ ਦਾ ਲਹੂ ਸਾਡੇ ਪਾਪਾਂ ਨੂੰ ਢੱਕ ਦਿੰਦਾ ਹੈ। ਇਨ੍ਹਾਂ ਮੁੱਦਿਆਂ ਉੱਤੇ ਪੌਲੁਸ ਦੇ ਵਿਚਾਰ ਇੱਕ ਤਰਕਸ਼ੀਲ ਅਤੇ ਸੰਪੂਰਨ ਪੇਸ਼ਕਾਰੀ ਪ੍ਰਸਤੁਤ ਕਰਦੇ ਹਨ ਕਿ ਕਿਵੇਂ ਇੱਕ ਵਿਅਕਤੀ ਆਪਣੇ ਪਾਪਾਂ ਦੀ ਸਜ਼ਾ ਅਤੇ ਸ਼ਕਤੀ ਤੋਂ ਬਚ ਸਕਦਾ ਹੈ।
ਵਿਸ਼ਾ-ਵਸਤੂ
ਪਰਮੇਸ਼ੁਰ ਦੀ ਧਾਰਮਿਕਤਾ
ਰੂਪ-ਰੇਖਾ
1. ਪਾਪ ਦੇ ਕਾਰਨ ਵਿਨਾਸ਼ ਦੀ ਸਥਿਤੀ ਅਤੇ ਧਾਰਮਿਕਤਾ ਦੀ ਲੋੜ — 1:18-3:20
2. ਧਾਰਮਿਕਤਾ ਨੇ ਧਰਮੀ ਠਹਿਰਾਇਆ — 3:21-5:21
3. ਧਾਰਮਿਕਤਾ ਨੇ ਪਵਿੱਤਰਤਾ ਬਖਸ਼ੀ — 6:1-8:39
4. ਇਸਰਾਏਲ ਲਈ ਪਰਮੇਸ਼ੁਰ ਦਾ ਪ੍ਰਬੰਧ — 9:1-11:36
5. ਧਾਰਮਿਕ ਅਭਿਆਸ ਦਾ ਪਾਲਣ ਕਰਨਾ — 12:1-15:13
6. ਸਮਾਪਤੀ: ਨਿੱਜੀ ਸੰਦੇਸ਼ — 15:14-16:27