ਇਬਰਾਨੀਆਂ ਨੂੰ
ਲੇਖਕ
ਇਬਰਾਨੀਆਂ ਨੂੰ ਲਿਖੀ ਪੱਤ੍ਰੀ ਦਾ ਲੇਖਕ ਗੁਪਤ ਹੈ। ਕੁਝ ਵਿਦਵਾਨਾਂ ਦੁਆਰਾ ਪੌਲੁਸ ਨੂੰ ਇਸ ਦੇ ਲੇਖਕ ਦੇ ਰੂਪ ਵਿੱਚ ਸੁਝਾਇਆ ਗਿਆ ਹੈ, ਪਰ ਵਾਸਤਵਿਕ ਲੇਖਕ ਅਗਿਆਤ ਹੀ ਹੈ। ਕੋਈ ਹੋਰ ਪੁਸਤਕ ਐਨੇ ਪ੍ਰਸ਼ੰਸਾਵਾਦੀ ਰੂਪ ਵਿੱਚ ਮਸੀਹ ਨੂੰ ਮਸੀਹਤ ਦਾ ਪ੍ਰਧਾਨ ਜਾਜਕ, ਹਾਰੂਨ ਦੀ ਜਾਜਕਾਈ ਨਾਲੋਂ ਉੱਤਮ ਅਤੇ ਬਿਵਸਥਾ ਅਤੇ ਭਵਿੱਖਬਾਣੀਆਂ ਦੀ ਪੂਰਤੀ ਕਰਨ ਵਾਲਾ ਕਰਕੇ ਨਹੀਂ ਦਰਸਾਉਂਦੀ, ਜਿੰਨਾ ਕਿ ਇਹ ਪੱਤ੍ਰੀ ਦੱਸਦੀ ਹੈ। ਇਹ ਪੱਤ੍ਰੀ ਮਸੀਹ ਨੂੰ ਸਾਡੇ ਵਿਸ਼ਵਾਸ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਕਰਕੇ ਦਰਸਾਉਂਦੀ ਹੈ (ਇਬਰਾਨੀਆਂ 12:2)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 64-70 ਈ. ਦੇ ਵਿਚਕਾਰ ਲਿਖੀ ਗਈ।
ਇਬਰਾਨੀਆਂ ਦੀ ਇਹ ਪੱਤ੍ਰੀ ਯਰੂਸ਼ਲਮ ਵਿੱਚ ਲਿਖੀ ਗਈ ਸੀ, ਮਸੀਹ ਦੇ ਸਵਰਗ ਵਾਪਸ ਜਾਣ ਤੋਂ ਕੁਝ ਸਮਾਂ ਬਾਅਦ ਅਤੇ ਯਰੂਸ਼ਲਮ ਦੀ ਤਬਾਹੀ ਤੋਂ ਕੁਝ ਸਮਾਂ ਪਹਿਲਾਂ।
ਪ੍ਰਾਪਤ ਕਰਤਾ
ਇਹ ਪੱਤ੍ਰੀ ਮੁੱਖ ਤੌਰ ਤੇ ਯਹੂਦੀ ਵਿਸ਼ਵਾਸੀਆਂ ਲਈ ਲਿਖੀ ਗਈ ਸੀ, ਜਿਹੜੇ ਪੁਰਾਣੇ ਨਿਯਮ ਦੇ ਜਾਣੂ ਸਨ ਅਤੇ ਜੋ ਯਹੂਦੀ ਧਰਮ ਵਿੱਚ ਵਾਪਸ ਪਰਤਣ ਲਈ ਜਾਂ ਖੁਸ਼ਖਬਰੀ ਨੂੰ ਯਹੂਦੀ ਧਰਮ ਦੇ ਅਨੁਸਾਰ ਬਦਲਣ ਲਈ ਪਰਤਾਏ ਜਾ ਰਹੇ ਸਨ। ਇਹ ਵੀ ਅੰਦਾਜ਼ਾ ਲਗਾਇਆ ਜਾਂਦਾ ਹੈ ਇਸ ਦੇ ਪ੍ਰਾਪਤ ਕਰਤਾ ਇੱਕ ਵੱਡੀ ਗਿਣਤੀ ਵਿੱਚ ਉਹ ਜਾਜਕ ਸਨ ਜਿਨ੍ਹਾਂ ਨੇ ਵਿਸ਼ਵਾਸ ਦੇ ਪ੍ਰਤੀ ਆਗਿਆਕਾਰੀ ਕੀਤੀ ਸੀ (ਰਸੂਲ 6:7)।
ਉਦੇਸ਼
ਇਬਰਾਨੀਆਂ ਦੇ ਲੇਖਕ ਨੇ ਆਪਣੇ ਪਾਠਕਾਂ ਨੂੰ ਸਥਾਨਕ ਯਹੂਦੀ ਸਿੱਖਿਆਵਾਂ ਨੂੰ ਰੱਦ ਕਰਨ ਅਤੇ ਯਿਸੂ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਯਿਸੂ ਮਸੀਹ ਨੂੰ ਉੱਤਮ ਦਰਸਾਉਣ ਲਈ ਉਤਸ਼ਾਹਿਤ ਕਰਨ ਲਈ ਇਹ ਪੱਤ੍ਰੀ ਲਿਖੀ, ਪਰਮੇਸ਼ੁਰ ਦਾ ਪੁੱਤਰ ਸਵਰਗ ਦੂਤਾਂ, ਜਾਜਕਾਂ, ਪੁਰਾਣੇ ਨੇਮ ਦੇ ਆਗੂਆਂ ਜਾਂ ਕਿਸੇ ਵੀ ਧਰਮ ਨਾਲੋਂ ਉੱਤਮ ਹੈ। ਸਲੀਬ ਉੱਤੇ ਮਰ ਕੇ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਕੇ, ਯਿਸੂ ਨੇ ਵਿਸ਼ਵਾਸੀਆਂ ਦੀ ਮੁਕਤੀ ਅਤੇ ਸਦੀਪਕ ਜੀਵਨ ਨੂੰ ਯਕੀਨੀ ਬਣਾਇਆ, ਸਾਡੇ ਪਾਪਾਂ ਲਈ ਮਸੀਹ ਦੀ ਕੁਰਬਾਨੀ ਸਿੱਧ ਅਤੇ ਸੰਪੂਰਣ ਸੀ, ਵਿਸ਼ਵਾਸ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ, ਅਸੀਂ ਪਰਮੇਸ਼ੁਰ ਦੀ ਆਗਿਆਕਾਰੀ ਕਰਕੇ ਆਪਣੀ ਨਿਹਚਾ ਪ੍ਰਗਟ ਕਰਦੇ ਹਾਂ।
ਵਿਸ਼ਾ-ਵਸਤੂ
ਮਸੀਹ ਦੀ ਉੱਤਮਤਾਈ
ਰੂਪ-ਰੇਖਾ
1. ਯਿਸੂ ਮਸੀਹ ਦੂਤਾਂ ਤੋਂ ਉੱਚਾ ਹੈ — 1:1-2:18
2. ਯਿਸੂ ਬਿਵਸਥਾ ਅਤੇ ਪੁਰਾਣੇ ਨੇਮ ਨਾਲੋਂ ਉੱਤਮ ਹੈ — 3:1-10:18
3. ਵਫ਼ਾਦਾਰ ਹੋਣ ਲਈ ਅਤੇ ਪਰਤਾਵੇ ਸਹਿਣ ਲਈ ਬੁਲਾਹਟ — 10:19-12:29
4. ਅੰਤਿਮ ਉਪਦੇਸ਼ ਅਤੇ ਨਮਸਕਾਰ — 13:1-25