ਕੁਰਿੰਥੀਆਂ ਨੂੰ ਦੂਜੀ ਪੱਤ੍ਰੀ
ਲੇਖਕ
ਪੌਲੁਸ ਨੇ 2 ਕੁਰਿੰਥੀਆਂ ਨੂੰ ਆਪਣੇ ਜੀਵਨ ਦੇ ਇੱਕ ਬੁਰੇ ਸਮੇਂ ਦੇ ਦੌਰਾਨ ਲਿਖਿਆ ਸੀ। ਉਸ ਨੂੰ ਪਤਾ ਲੱਗਾ ਕਿ ਕੁਰਿੰਥੁਸ ਦੀ ਕਲੀਸਿਯਾ ਸੰਘਰਸ਼ ਕਰ ਰਹੀ ਸੀ, ਅਤੇ ਉਸ ਨੇ ਸਥਾਨਕ ਵਿਸ਼ਵਾਸੀਆਂ ਦੀ ਏਕਤਾ ਨੂੰ ਕਾਇਮ ਰੱਖਣ ਲਈ ਕੁਝ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੌਲੁਸ ਨੇ ਇਹ ਪੱਤ੍ਰੀ ਲਿਖੀ, ਤਾਂ ਉਹ ਕੁਰਿੰਥੁਸ ਦੇ ਵਿਸ਼ਵਾਸੀਆਂ ਦੇ ਪ੍ਰਤੀ ਆਪਣੇ ਪਿਆਰ ਦੇ ਕਾਰਨ ਦੁੱਖ ਅਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ। ਦੁੱਖ ਮਨੁੱਖ ਦੀਆਂ ਕਮਜ਼ੋਰੀਆਂ ਨੂੰ ਪ੍ਰਗਟ ਕਰ ਦਿੰਦੇ ਹਨ, ਪਰ ਪਰਮੇਸ਼ੁਰ ਉੱਤੇ ਨਿਰਭਰਤਾ, “ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ।“ (2 ਕੁਰਿੰ 12:7-10) ਇਸ ਪੱਤ੍ਰੀ ਵਿੱਚ, ਪੌਲੁਸ ਨੇ ਆਪਣੀ ਸੇਵਕਾਈ ਅਤੇ ਰਸੂਲ ਦੇ ਤੌਰ ਤੇ ਉਸਦੇ ਅਧਿਕਾਰ ਦਾ ਜ਼ੋਰਦਾਰ ਪੱਖ ਪੇਸ਼ ਕਰਦਾ ਹੈ। ਉਹ ਇਸ ਤੱਥ ਦੀ ਮੁੜ ਪੁਸ਼ਟੀ ਕਰਦੇ ਹੋਏ ਇਸ ਪੱਤ੍ਰੀ ਨੂੰ ਲਿਖਣ ਦੀ ਸ਼ੁਰੂਆਤ ਕਰਦਾ ਹੈ ਕਿ ਉਹ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਹੈ (2 ਕੁਰਿੰ 1:1)। ਪੌਲੁਸ ਦੁਆਰਾ ਲਿਖੀ ਇਹ ਪੱਤ੍ਰੀ ਰਸੂਲ ਅਤੇ ਮਸੀਹੀ ਵਿਸ਼ਵਾਸ ਬਾਰੇ ਬਹੁਤ ਕੁਝ ਪ੍ਰਗਟ ਕਰਦੀ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 55-56 ਈ. ਦੇ ਵਿਚਕਾਰ ਲਿਖੀ ਗਈ।
ਪੌਲੁਸ ਦੀ ਕੁਰਿੰਥੀਆਂ ਨੂੰ ਦੂਜੀ ਪੱਤ੍ਰੀ ਮਕਦੂਨਿਯਾ ਤੋਂ ਲਿਖੀ ਗਈ ਸੀ।
ਪ੍ਰਾਪਤ ਕਰਤਾ
ਇਹ ਪੱਤ੍ਰੀ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਅਤੇ ਅਖਾਯਾ ਦੇ ਲੋਕਾਂ ਨੂੰ ਸੰਬੋਧਿਤ ਕੀਤੀ ਗਈ ਸੀ, ਜੋ ਕਿ ਇੱਕ ਰੋਮੀ ਪ੍ਰਾਂਤ ਜਿਸ ਦੀ ਰਾਜਧਾਨੀ ਕੁਰਿੰਥੁਸ ਸੀ (2 ਕੁਰਿੰ 1:1)।
ਉਦੇਸ਼
ਇਸ ਪੱਤ੍ਰੀ ਨੂੰ ਲਿਖਦੇ ਸਮੇਂ ਪੌਲੁਸ ਦੇ ਦਿਲ ਵਿੱਚ ਬਹੁਤ ਸਾਰੇ ਉਦੇਸ਼ ਸਨ, ਆਪਣੀ ਤਸੱਲੀ ਅਤੇ ਅਨੰਦ ਨੂੰ ਪ੍ਰਗਟ ਕਰਨ ਲਈ ਕਿਉਂਕਿ ਕੁਰਿੰਥੁਸ ਦੇ ਵਿਸ਼ਵਾਸੀਆਂ ਨੇ ਉਸ ਦੇ ਦਰਦ ਭਰੇ ਪੱਤਰ ਦਾ ਅਨੁਕੂਲ ਉੱਤਰ ਦਿੱਤਾ ਸੀ (1:3-4; 7:8-9, 12:13), ਉਨ੍ਹਾਂ ਨੂੰ ਇਹ ਦੱਸਣ ਲਈ ਕਿ ਉਸ ਨੇ ਏਸ਼ੀਆ ਪ੍ਰਾਂਤ ਵਿੱਚ ਕੀ-ਕੀ ਮੁਸੀਬਤਾਂ ਦਾ ਸਾਹਮਣਾ ਕੀਤਾ (1:8-11), ਉਹਨਾਂ ਨੂੰ ਅਪਰਾਧੀਆਂ ਨੂੰ ਮੁਆਫ਼ ਕਰਨ ਲਈ ਕਹਿਣ ਲਈ (2:5-11), ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਕਿ ਉਹ ਅਵਿਸ਼ਵਾਸੀਆਂ ਦੇ ਜੂਲੇ ਵਿੱਚ ਨਾ ਜੁੱਤਣ (6:14; 7:1), ਉਹਨਾਂ ਨੂੰ ਮਸੀਹੀ ਸੇਵਕਾਈ ਦੀ ਉੱਚੀ ਬੁਲਾਹਟ ਦਾ ਸੱਚਾ ਸੁਭਾਅ ਦੱਸਣ ਲਈ (2:14-7:4) ਕੁਰਿੰਥੁਸ ਦੇ ਵਿਸ਼ਵਾਸੀਆਂ ਨੂੰ ਦੇਣ ਦੀ ਕਿਰਪਾ ਬਾਰੇ ਸਿੱਖਿਆ ਦੇਣ ਲਈ, ਅਤੇ ਇਸ ਗੱਲ ਨੂੰ ਪੱਕਾ ਕਰਨ ਲਈ ਕਿ ਉਹ ਯਰੂਸ਼ਲਮ ਦੇ ਗ਼ਰੀਬ ਮਸੀਹੀਆਂ ਲਈ ਭੇਟ ਸੰਗ੍ਰਹਿ ਕਰਨ ਦਾ ਕੰਮ ਪੂਰਾ ਕਰ ਲੈਣ (ਅਧਿਆਇ. 8-9)।
ਵਿਸ਼ਾ-ਵਸਤੂ
ਪੌਲੁਸ ਦੁਆਰਾ ਆਪਣੇ ਰਸੂਲ ਹੋਣ ਦਾ ਪੱਖ ਪੇਸ਼ ਕਰਨਾ
ਰੂਪ-ਰੇਖਾ
1. ਪੌਲੁਸ ਦੁਆਰਾ ਉਸ ਦੀ ਸੇਵਕਾਈ ਬਾਰੇ ਸਪੱਸ਼ਟੀਕਰਨ — 1-7
2. ਯਰੂਸ਼ਲਮ ਵਿੱਚ ਗ਼ਰੀਬਾਂ ਲਈ ਸੰਗ੍ਰਿਹ — 8:1-9: 15
3. ਪੌਲੁਸ ਦੁਆਰਾ ਆਪਣੇ ਅਧਿਕਾਰਾਂ ਦਾ ਪੱਖ ਪੇਸ਼ ਕਰਨਾ — 10:1-13:10
4. ਤ੍ਰਿਏਕਤਾ ਦੇ ਆਸ਼ੀਰਵਾਦ ਨਾਲ ਸਮਾਪਤੀ — 13:11-14