ਕੁਧਰਮੀ ਨਿਆਈਂ ਅਤੇ ਵਿਧਵਾ ਦਾ ਦ੍ਰਿਸ਼ਟਾਂਤ
18
ਫਿਰ ਯਿਸੂ ਉਨ੍ਹਾਂ ਨਾਲ ਦ੍ਰਿਸ਼ਟਾਂਤ ਵਿੱਚ ਗੱਲਾਂ ਕਰ ਕੇ ਕਹਿਣ ਲੱਗਾ ਕਿ ਸਦਾ ਪ੍ਰਾਰਥਨਾ ਵਿੱਚ ਲੱਗੇ ਰਹੋ ਅਤੇ ਹਿੰਮਤ ਨਾ ਹਾਰੋ।
2 ਕਿਸੇ ਨਗਰ ਵਿੱਚ ਇੱਕ ਹਾਕਮ ਰਹਿੰਦਾ ਸੀ, ਜਿਸ ਨੂੰ ਨਾ ਪਰਮੇਸ਼ੁਰ ਦਾ ਡਰ ਸੀ ਅਤੇ ਨਾ ਕਿਸੇ ਮਨੁੱਖ ਦੀ ਪਰਵਾਹ।
3 ਅਤੇ ਉਸੇ ਨਗਰ ਵਿੱਚ ਇੱਕ ਵਿਧਵਾ ਰਹਿੰਦੀ ਸੀ ਜੋ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਕਿ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ।
4 ਕਾਫੀ ਸਮੇਂ ਤੱਕ ਹਾਕਮ ਨੇ ਉਸ ਵਿਧਵਾ ਦੀ ਗੱਲ ਨਾ ਸੁਣੀ ਪਰ ਪਿੱਛੋਂ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਨਾ ਤਾਂ ਪਰਮੇਸ਼ੁਰ ਦਾ ਡਰ ਮੰਨਦਾ ਹਾਂ ਅਤੇ ਨਾ ਮਨੁੱਖ ਦੀ ਪਰਵਾਹ ਕਰਦਾ ਹਾਂ।
5 ਤਾਂ ਵੀ ਇਹ ਵਿਧਵਾ ਮੈਨੂੰ ਸ਼ਿਕਾਇਤ ਕਰਦੀ ਹੈ ਇਸ ਲਈ ਮੈਂ ਉਸ ਦਾ ਬਦਲਾ ਉਸ ਨੂੰ ਲੈ ਦਿਆਂਗਾ, ਇਹ ਨਾ ਹੋਵੇ ਜੋ ਉਹ ਵਾਰ-ਵਾਰ ਆ ਕੇ ਮੈਨੂੰ ਤੰਗ ਕਰੇ।
6 ਪ੍ਰਭੂ ਨੇ ਆਖਿਆ, ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ।
7 ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਨਾ ਲਵੇਗਾ, ਜਿਹੜੇ ਰਾਤ-ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਉਹਨਾਂ ਦੇ ਨਿਆਂ ਵਿੱਚ ਦੇਰੀ ਕਰੇ?
8 ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਛੇਤੀ ਹੀ ਉਨ੍ਹਾਂ ਦਾ ਬਦਲਾ ਲਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?।
ਫ਼ਰੀਸੀ ਅਤੇ ਚੁੰਗੀ ਲੈਣ ਵਾਲੇ ਦਾ ਦ੍ਰਿਸ਼ਟਾਂਤ
9 ਉਸ ਨੇ ਬਹੁਤਿਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਸਰਿਆਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ,
10 ਕਿ ਦੋ ਆਦਮੀ ਪ੍ਰਾਰਥਨਾ ਕਰਨ ਲਈ ਹੈਕਲ ਭਵਨ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਜਾ ਚੂੰਗੀ ਲੈਣ ਵਾਲਾ ਸੀ।
11 ਫ਼ਰੀਸੀ ਨੇ ਖੜ੍ਹ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ! ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਦੂਸਰਿਆਂ ਵਰਗਾ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਵਿਭਚਾਰੀ ਹਨ ਅਤੇ ਨਾ ਇਸ ਚੂੰਗੀ ਲੈਣ ਵਾਲੇ ਵਰਗਾ ਹਾਂ!
12 ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।
13 ਪਰ ਉਸ ਚੂੰਗੀ ਲੈਣ ਵਾਲੇ ਨੇ ਕੁਝ ਦੂਰ ਖੜ੍ਹੇ ਹੋ ਕੇ ਇਹ ਵੀ ਨਾ ਚਾਹਿਆ ਜੋ ਆਪਣੀਆਂ ਅੱਖਾਂ ਅਕਾਸ਼ ਦੇ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ! ਮੈਂ ਪਾਪੀ ਹਾਂ। ਮੇਰੇ ਉੱਤੇ ਦਯਾ ਕਰ!
14 ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਫ਼ਰੀਸੀ ਨਹੀਂ ਪਰ ਇਹ ਚੂੰਗੀ ਲੈਣ ਵਾਲਾ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।
Parable of the Pharisee and Tax Collector
ਬੱਚਿਆਂ ਨੂੰ ਬਰਕਤ
15 ਫਿਰ ਲੋਕ ਆਪਣੇ ਬੱਚਿਆਂ ਨੂੰ ਵੀ ਯਿਸੂ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖੇ ਪਰ ਚੇਲਿਆਂ ਨੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਿਆ।
16 ਪਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਛੋਟਿਆਂ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਇਹੋ ਜਿਹਿਆਂ ਦਾ ਹੈ।
17 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬੱਚੇ ਦੀ ਤਰ੍ਹਾਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।
ਧਨੀ ਵਿਅਕਤੀ ਅਤੇ ਸਦੀਪਕ ਜੀਵਨ
18 ਇੱਕ ਅਧਿਕਾਰੀ ਨੇ ਉਸ ਅੱਗੇ ਬੇਨਤੀ ਕਰ ਕੇ ਆਖਿਆ, ਉੱਤਮ ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?
19 ਯਿਸੂ ਨੇ ਉਸ ਨੂੰ ਕਿਹਾ, ਤੂੰ ਮੈਨੂੰ ਉੱਤਮ ਕਿਉਂ ਆਖਦਾ ਹੈਂ? ਉੱਤਮ ਕੋਈ ਨਹੀਂ ਪਰ ਕੇਵਲ ਇੱਕੋ ਪਰਮੇਸ਼ੁਰ।
20 ਤੂੰ ਹੁਕਮਾਂ ਨੂੰ ਜਾਣਦਾ ਹੈਂ, ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।
21 ਉਸ ਨੇ ਯਿਸੂ ਨੂੰ ਉੱਤਰ ਦਿੱਤਾ, ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਸਭ ਗੱਲਾਂ ਨੂੰ ਮੰਨਦਾ ਆਇਆ ਹਾਂ।
22 ਯਿਸੂ ਨੇ ਸੁਣ ਕੇ ਉਸ ਨੂੰ ਆਖਿਆ, ਅਜੇ ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਕੇ ਮੇਰੇ ਪਿੱਛੇ ਹੋ ਤੁਰ।
23 ਪਰ ਉਹ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂ ਜੋ ਉਹ ਵੱਡਾ ਧਨਵਾਨ ਆਦਮੀ ਸੀ।
24 ਯਿਸੂ ਨੇ ਉਸ ਨੂੰ ਵੇਖ ਕੇ ਆਖਿਆ ਜੋ ਧਨਵਾਨ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਬਹੁਤ ਔਖਾ ਹੋਵੇਗਾ!
25 ਕਿਉਂ ਜੋ ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ, ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਸੌਖਾ ਹੈ।
26 ਤਾਂ ਸੁਣਨ ਵਾਲਿਆਂ ਨੇ ਕਿਹਾ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?
27 ਤਾਂ ਉਸ ਨੇ ਆਖਿਆ ਕਿ ਜਿਹੜੀਆਂ ਗੱਲਾਂ ਮਨੁੱਖਾਂ ਤੋਂ ਨਹੀਂ ਹੋ ਸਕਦੀਆਂ ਹਨ ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।
28 ਤਦ ਪਤਰਸ ਨੇ ਕਿਹਾ, ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।
29 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਕੋਈ ਨਹੀਂ ਕਿ ਜਿਸ ਨੇ ਘਰ, ਪਤਨੀ, ਭਰਾਵਾਂ, ਮਾਤਾ-ਪਿਤਾ ਬਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਦੇ ਲਈ ਛੱਡਿਆ ਹੈ,
30 ਜੋ ਇਸ ਸਮੇਂ ਬਹੁਤ ਗੁਣਾ ਅਤੇ ਆਉਣ ਵਾਲੇ ਜੁੱਗ ਵਿੱਚ ਸਦੀਪਕ ਜੀਵਨ ਨਾ ਪਾਵੇ l
ਆਪਣੀ ਮੌਤ ਦੇ ਬਾਰੇ ਯਿਸੂ ਤੀਸਰੀ ਬਾਰ ਭਵਿੱਖਬਾਣੀ ਕਰਦਾ ਹੈ
31 ਉਸ ਨੇ ਬਾਰਾਂ ਚੇਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਆਖਿਆ, ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਸਭ ਜੋ ਕੁਝ ਨਬੀਆਂ ਦੇ ਰਾਹੀਂ ਲਿਖਿਆ ਹੋਇਆ ਹੈ, ਉਹ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਪੂਰਾ ਕੀਤਾ ਜਾਵੇਗਾ।
32 ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਦਾ ਮਜ਼ਾਕ ਉਡਾਣਗੇ ਅਤੇ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ਉੱਪਰ ਥੁੱਕਿਆ ਜਾਵੇਗਾ।
33 ਅਤੇ ਉਸ ਨੂੰ ਕੋਰੜੇ ਮਾਰਨਗੇ, ਨਾਲੇ ਉਸ ਨੂੰ ਮਾਰ ਸੁੱਟਣਗੇ ਅਤੇ ਉਹ ਤੀਜੇ ਦਿਨ ਫੇਰ ਜੀ ਉੱਠੇਗਾ।
34 ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ ਅਤੇ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ, ਉਹ ਉਨ੍ਹਾਂ ਨੂੰ ਸਮਝ ਨਾ ਸਕੇ।
Jesus Predicts His Death and Resurrection
ਅੰਨ੍ਹੇ ਭਿਖਾਰੀ ਨੂੰ ਚੰਗਾ ਕਰਨਾ
35 ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ।
36 ਅਤੇ ਉਸ ਨੇ ਭੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ?
37 ਲੋਕਾਂ ਨੇ ਉਸ ਨੂੰ ਦੱਸਿਆ ਜੋ ਯਿਸੂ ਨਾਸਰੀ ਇੱਥੋਂ ਲੰਘ ਰਿਹਾ ਹੈ।
38 ਤਦ ਉਸ ਨੇ ਪੁਕਾਰ ਕੇ ਕਿਹਾ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ।
39 ਜਿਹੜੇ ਅੱਗੇ ਜਾਂਦੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ, ਪਰ ਉਹ ਸਗੋਂ ਹੋਰ ਵੀ ਉੱਚੀ ਅਵਾਜ਼ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਯਾ ਕਰੋ!
40 ਤਦ ਯਿਸੂ ਨੇ ਰੁੱਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਹ ਉਸ ਕੋਲ ਆਇਆ ਤਾਂ ਉਸ ਨੂੰ ਪੁੱਛਿਆ,
41 ਤੂੰ ਕੀ ਚਾਹੁੰਦਾ ਹੈਂ ਜੋ ਮੈਂ ਤੇਰੇ ਲਈ ਕਰਾਂ? ਉਸ ਨੇ ਕਿਹਾ, ਪ੍ਰਭੂ ਜੀ ਮੈਂ ਵੇਖਣ ਲੱਗ ਜਾਵਾਂ!
42 ਤਦ ਯਿਸੂ ਨੇ ਉਸ ਨੂੰ ਕਿਹਾ, ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।
43 ਅਤੇ ਉਸੇ ਸਮੇਂ ਉਹ ਵੇਖਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ ਅਤੇ ਸਭ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ।
Healing of Bartimaeus