ਮਰਕੁਸ ਦੀ ਇੰਜੀਲ
ਲੇਖਕ
ਪ੍ਰਾਚੀਨ ਕਲੀਸਿਯਾ ਦੇ ਜਾਜਕ ਸਰਬਸੰਮਤੀ ਨਾਲ ਸਹਿਮਤ ਸਨ ਕਿ ਇਹ ਦਸਤਾਵੇਜ਼ ਯੂਹੰਨਾ ਮਰਕੁਸ ਦੁਆਰਾ ਲਿਖਿਆ ਗਿਆ ਸੀ। ਯੂਹੰਨਾ ਮਰਕੁਸ ਦਾ ਜ਼ਿਕਰ ਨਵੇਂ ਨੇਮ ਵਿੱਚ ਦਸ ਵਾਰੀ ਕੀਤਾ ਗਿਆ ਹੈ (ਰਸੂਲ 12:12, 25; 13:5, 13; 15:37, 39; ਕੁਲੁੱਸੀਆਂ 4:10; 2 ਤਿਮੋਥਿਉਸ 4:11; ਫਿਲੇਮੋਨ 24; 1 ਪਤਰਸ 5:13)। ਇਹ ਹਵਾਲੇ ਸੰਕੇਤ ਕਰਦੇ ਹਨ ਕਿ ਮਰਕੁਸ ਬਰਨਬਾਸ ਦਾ ਚਚੇਰਾ ਭਰਾ ਸੀ (ਕੁਲੁੱਸੀਆਂ 4:10)। ਮਰਕੁਸ ਦੀ ਮਾਤਾ ਦਾ ਨਾਂ ਮਰਿਯਮ ਸੀ, ਉਹ ਇੱਕ ਅਜਿਹੀ ਇਸਤਰੀ ਸੀ ਜਿਸ ਦੇ ਕੋਲ ਬਹੁਤ ਧਨ-ਜਾਇਦਾਦ ਸੀ ਅਤੇ ਯਰੂਸ਼ਲਮ ਵਿੱਚ ਉਸ ਦਾ ਚੰਗਾ ਅਹੁਦਾ ਸੀ ਅਤੇ ਉਸਦਾ ਘਰ ਮੁੱਢਲੇ ਮਸੀਹੀਆਂ ਲਈ ਇੱਕ ਸਭਾ ਕਰਨ ਵਾਲਾ ਸਥਾਨ ਸੀ (ਰਸੂਲ 12:12)। ਯੂਹੰਨਾ ਮਰਕੁਸ ਪੌਲੁਸ ਦੀ ਪਹਿਲੀ ਮਿਸ਼ਨਰੀ ਯਾਤਰਾ ਦੇ ਦੌਰਾਨ ਪੌਲੁਸ ਅਤੇ ਬਰਨਬਾਸ ਦੇ ਨਾਲ ਸੀ (ਰਸੂਲ 12:25; 13:5)। ਬਾਈਬਲ ਦੇ ਸਬੂਤ ਅਤੇ ਮੁੱਢਲੇ ਕਲੀਸਿਯਾ ਦੇ ਪਿਤਾ, ਪਤਰਸ ਅਤੇ ਮਰਕੁਸ ਦੇ ਨਜ਼ਦੀਕੀ ਰਿਸ਼ਤੇ ਨੂੰ ਪ੍ਰਦਰਸ਼ਿਤ ਕਰਦੇ ਹਨ (1 ਪਤਰਸ 5:13)। ਉਹ ਪਤਰਸ ਦਾ ਅਨੁਵਾਦਕ ਵੀ ਸੀ ਅਤੇ ਸੰਭਾਵਨਾ ਹੈ ਕਿ ਪਤਰਸ ਦਾ ਪ੍ਰਚਾਰ ਅਤੇ ਯੂਹੰਨਾ ਮਰਕੁਸ ਦੀ ਅੱਖੀਂ-ਡਿੱਠੀ ਗਵਾਹੀ ਹੀ ਮਰਕੁਸ ਦੀ ਇੰਜੀਲ ਲਈ ਮੁਢਲਾ ਸਰੋਤ ਹੋ ਸਕਦਾ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਇੰਜੀਲ ਲਗਭਗ 50-60 ਈ. ਦੇ ਵਿਚਕਾਰ ਲਿਖੀ ਗਈ।
ਕਲੀਸਿਯਾ ਦੇ ਪਾਦਰੀਆਂ (ਆਇਰੀਨੀਅਸ, ਕਲੈਮੈਂਟ, ਐਲੇਕਜ਼ੈਨਡਰੀਆ ਅਤੇ ਹੋਰਾਂ) ਵੱਲੋਂ ਕਈ ਲਿਖਤਾਂ ਇਹ ਪੁਸ਼ਟੀ ਕਰਦੀਆਂ ਹਨ ਕਿ ਮਰਕੁਸ ਦੀ ਇੰਜੀਲ ਰੋਮ ਵਿਚ ਲਿਖੀ ਗਈ ਸੀ। ਸ਼ੁਰੂਆਤੀ ਕਲੀਸਿਯਾ ਦੇ ਸਰੋਤ ਦਰਸਾਉਂਦੇ ਹਨ ਕਿ ਇਹ ਇੰਜੀਲ ਪਤਰਸ ਦੀ ਮੌਤ ਤੋਂ ਬਾਅਦ ਲਿਖੀ ਗਈ ਸੀ (67-68 ਈ. ਪੂ)।
ਪ੍ਰਾਪਤ ਕਰਤਾ
ਸਬੂਤ ਦੇ ਰੂਪ ਵਿੱਚ ਇਹ ਦਸਤਾਵੇਜ਼ ਦੱਸਦਾ ਹੈ ਕਿ ਮਰਕੁਸ ਨੇ ਇਹ ਇੰਜੀਲ ਆਮ ਤੌਰ ਤੇ ਗ਼ੈਰ-ਯਹੂਦੀ ਪਾਠਕਾਂ ਲਈ ਲਿਖੀ ਗਈ ਅਤੇ ਖ਼ਾਸ ਤੌਰ ਤੇ ਰੋਮੀ ਪਾਠਕਾਂ ਲਈ। ਇਸੇ ਕਾਰਨ ਹੋ ਸਕਦਾ ਹੈ ਕਿ ਇਸ ਇੰਜੀਲ ਵਿੱਚ ਯਿਸੂ ਦੀ ਵੰਸ਼ਾਵਲੀ ਸ਼ਾਮਿਲ ਨਹੀਂ ਕੀਤੀ ਗਈ ਹੈ ਕਿਉਂਕਿ ਗੈਰ-ਯਹੂਦੀ ਸੰਸਾਰ ਵਿੱਚ ਇਸ ਦੀ ਮਹੱਤਤਾ ਬਹੁਤ ਘੱਟ ਹੋਣੀ ਸੀ।
ਉਦੇਸ਼
ਮਰਕੁਸ ਦੇ ਪਾਠਕ ਜੋ ਮੁੱਖ ਤੌਰ ਤੇ ਰੋਮੀ ਈਸਾਈ ਸਨ, ਉਹ 67-68 ਈ. ਪੂ. ਦੇ ਦੌਰਾਨ ਭਿਆਨਕ ਅਤਿਆਚਾਰਾਂ ਦੇ ਵਿਚਕਾਰ ਫਸੇ ਹੋਏ ਸਨ। ਬਾਦਸ਼ਾਹ ਨੀਰੋ ਦੇ ਸ਼ਾਸਨਕਾਲ ਵਿੱਚ ਈਸਾਈਆਂ ਨੂੰ ਬਹੁਤ ਤਸੀਹੇ ਦੇ-ਦੇ ਕੇ ਮਾਰਿਆ ਗਿਆ। ਅਜਿਹੇ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਈਸਾਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮਰਕੁਸ ਨੇ ਇਸ ਇੰਜੀਲ ਨੂੰ ਲਿਖਿਆ ਜਿਸ ਵਿੱਚ ਉਸ ਨੇ ਯਿਸੂ ਨੂੰ ਦੁੱਖ ਸਹਿਣ ਵਾਲਾ ਸੇਵਕ ਕਰਕੇ ਦਰਸਾਇਆ।
ਵਿਸ਼ਾ-ਵਸਤੂ
ਯਿਸੂ - ਦੁੱਖ ਸਹਿਣ ਵਾਲਾ ਸੇਵਕ
ਰੂਪ-ਰੇਖਾ
1. ਯਿਸੂ ਦੀ ਸੇਵਕਾਈ ਲਈ ਤਿਆਰੀ — ਜੰਗਲ ਦੇ ਵਿੱਚ - 1:1-13
2. ਯਿਸੂ ਦੀ ਸੇਵਕਾਈ, ਗਲੀਲ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕੇ ਵਿੱਚ — 1:14-8:30
3. ਯਿਸੂ ਦਾ ਮਿਸ਼ਨ: ਦੁੱਖ ਸਹਿਣਾ ਅਤੇ ਮੌਤ — 8:31-10:52
4. ਯਰੂਸ਼ਲਮ ਵਿੱਚ ਯਿਸੂ ਦੀ ਸੇਵਕਾਈ — 11:1-13:37
5. ਸਲੀਬ ਦੀ ਕਥਾ — 14:1-15:47
6. ਯਿਸੂ ਦਾ ਜੀ ਉੱਠਣਾ ਅਤੇ ਦਿਖਾਈ ਦੇਣਾ — 16:1-20