ਲੂਕਾ ਦੀ ਇੰਜੀਲ
ਲੇਖਕ
ਪ੍ਰਾਚੀਨ ਲੇਖਕਾਂ ਦਾ ਸਾਂਝਾ ਵਿਸ਼ਵਾਸ ਇਹ ਹੈ ਕਿ ਇਸ ਇੰਜੀਲ ਦਾ ਲੇਖਕ ਲੂਕਾ ਹੈ, ਜੋ ਕਿ ਇੱਕ ਵੈਦ ਸੀ, ਅਤੇ ਉਸ ਦੀ ਲਿਖਾਈ ਤੋਂ, ਇਹ ਜਾਪਦਾ ਹੈ ਕਿ ਉਹ ਦੂਜੀ-ਪੀੜ੍ਹੀ ਦਾ ਈਸਾਈ ਸੀ। ਰਵਾਇਤੀ ਤੌਰ ਤੇ ਉਸ ਨੂੰ ਇੱਕ ਗੈਰ ਯਹੂਦੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਉਹ ਮੁੱਖ ਤੌਰ ਤੇ ਇੱਕ ਪ੍ਰਚਾਰਕ ਸੀ, ਉਸ ਨੇ ਇੰਜੀਲ ਅਤੇ ਰਸੂਲਾਂ ਦੇ ਕਰਤੱਬ ਪੁਸਤਕ ਨੂੰ ਲਿਖਿਆ ਅਤੇ ਸੇਵਕਾਈ ਵਿੱਚ ਪੌਲੁਸ ਦੇ ਨਾਲ ਸੀ (ਕੁਲੁ 4:14; 2 ਤਿਮੋ 4:11; ਫਿਲ 24)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਇੰਜੀਲ ਲਗਭਗ 60-80 ਈ. ਦੇ ਵਿਚਕਾਰ ਲਿਖੀ ਗਈ।
ਲੂਕਾ ਨੇ ਕੈਸਰਿਯਾ ਵਿਖੇ ਆਪਣੀ ਲਿਖਤ ਸ਼ੁਰੂ ਕੀਤੀ ਅਤੇ ਰੋਮ ਵਿੱਚ ਇਸ ਨੂੰ ਪੂਰਾ ਕੀਤਾ। ਲਿਖਣ ਦੇ ਮੁੱਖ ਸਥਾਨ ਬੈਤਲਹਮ, ਗਲੀਲ, ਯਹੂਦਿਯਾ ਅਤੇ ਯਰੂਸ਼ਲਮ ਹੋ ਸਕਦੇ ਹਨ।
ਪ੍ਰਾਪਤ ਕਰਤਾ
ਲੂਕਾ ਦੀ ਕਿਤਾਬ ਥਿਉਫ਼ਿਲੁਸ ਨੂੰ ਸਮਰਪਿਤ ਹੈ, ਜਿਸਦਾ ਅਰਥ ਪਰਮੇਸ਼ੁਰ ਦਾ ਪ੍ਰੇਮੀ ਹੈ, ਇਹ ਸਪੱਸ਼ਟ ਨਹੀਂ ਹੈ ਕਿ ਉਹ ਪਹਿਲਾਂ ਤੋਂ ਹੀ ਇੱਕ ਮਸੀਹੀ ਸੀ, ਜਾਂ ਉਹ ਬਣਨ ਲਈ ਵਿਚਾਰ ਕਰ ਰਿਹਾ ਸੀ। ਲੂਕਾ ਦਾ ਉਸ ਨੂੰ ਹੇ ਆਦਰਯੋਗ ਥਿਉਫ਼ਿਲੁਸ (ਲੂਕਾ 1:3) ਕਰਕੇ ਸੰਬੋਧਿਤ ਕਰਨਾ ਇਹ ਸੁਝਾਉਂਦਾ ਹੈ ਕਿ ਉਹ ਇੱਕ ਰੋਮੀ ਅਧਿਕਾਰੀ ਸੀ, ਕਈ ਸਬੂਤ ਗ਼ੈਰ-ਯਹੂਦੀ ਪਾਠਕ ਵੱਲ ਇਸ਼ਾਰਾ ਕਰਦੇ ਹਨ ਅਤੇ ਲੂਕਾ ਜਿਸ ਮੁੱਖ ਵਿਸ਼ੇ ਉੱਤੇ ਧਿਆਨ ਕੇਂਦਰਿਤ ਕਰਦਾ ਹੈ, ਉਹ ਮਨੁੱਖ ਦਾ ਪੁੱਤਰ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਸੀ (ਲੂਕਾ 5:24, 19:10, 17:20-21, 13:18)।
ਉਦੇਸ਼
ਯਿਸੂ ਦੇ ਜੀਵਨ ਦਾ ਵਰਨਣ, ਲੂਕਾ ਨੇ ਯਿਸੂ ਨੂੰ ਮਨੁੱਖ ਦੇ ਪੁੱਤਰ ਵਜੋਂ ਪੇਸ਼ ਕੀਤਾ, ਉਸ ਨੇ ਥਿਉਫ਼ਿਲੁਸ ਨੂੰ ਇਸ ਲਈ ਲਿਖਿਆ ਤਾਂ ਜੋ ਉਹ ਉਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ ਜੋ ਉਸ ਨੂੰ ਸਿਖਾਈਆਂ ਗਈਆਂ ਸਨ (ਲੂਕਾ 1:4)। ਲੂਕਾ ਸਤਾਵ ਦੇ ਸਮੇਂ ਵਿੱਚ ਈਸਾਈ ਧਰਮ ਦਾ ਬਚਾਅ ਪੱਖ ਪੇਸ਼ ਕਰਨ ਲਈ ਲਿਖ ਰਿਹਾ ਸੀ ਤਾਂ ਕਿ ਉਸ ਨੂੰ ਵਿਖਾ ਸਕੇ ਕਿ ਯਿਸੂ ਦੇ ਪਿੱਛੇ ਚੱਲਣ ਵਾਲੇ ਕਿਸੇ ਦੇ ਵੀ ਵਿਰੋਧੀ ਜਾਂ ਬੁਰੇ ਕੰਮ ਕਰਨ ਵਾਲੇ ਨਹੀਂ ਸਨ।
ਵਿਸ਼ਾ-ਵਸਤੂ
ਯਿਸੂ - ਸਿੱਧ ਮਨੁੱਖ
ਰੂਪ-ਰੇਖਾ
1. ਯਿਸੂ ਦਾ ਜਨਮ ਅਤੇ ਸ਼ੁਰੂਆਤੀ ਜ਼ਿੰਦਗੀ — 1:5-2:52
2. ਯਿਸੂ ਦੇ ਕੰਮ ਦੀ ਸ਼ੁਰੂਆਤ — 3:1-4:13
3. ਯਿਸੂ ਮੁਕਤੀ ਦਾ ਜ਼ਰੀਆ — 4:14-9:50
4. ਯਿਸੂ ਦਾ ਸਲੀਬ ਵੱਲ ਵੱਧਣਾ — 9:51-19:27
5. ਯਿਸੂ ਦਾ ਯਰੂਸ਼ਲਮ ਵਿੱਚ ਰਾਜਾ ਦੀ ਤਰ੍ਹਾਂ ਪ੍ਰਵੇਸ਼, ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਜੀ ਉੱਠਣਾ — 19:28-24:53