ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ
ਯਾਤਰਾ ਦਾ ਗੀਤ
121
ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ?
2 ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
3 ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖ਼ਾ ਨਾ ਉਂਘਲਾਵੇਗਾ,
4 ਵੇਖ, ਇਸਰਾਏਲ ਦਾ ਰਾਖ਼ਾ ਨਾ ਉਂਘਲਾਵੇਗਾ ਨਾ ਸੌਵੇਂਗਾ!
5 ਯਹੋਵਾਹ ਤੇਰਾ ਰਾਖ਼ਾ ਹੈ, ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ।
6 ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀਂ ਚੰਦਰਮਾ।
7 ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰਾਖੀ ਕਰੇਗਾ।
8 ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ!