ਪਰਮੇਸ਼ੁਰ ਦਾ ਨਗਰ ਸਿਯੋਨ
ਗੀਤ। ਭਜਨ। ਕੋਰਹ ਵੰਸ਼ੀਆਂ ਦਾ।
48
ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ!
2 ਉਚਿਆਈ ਕਰਕੇ ਸੁੰਦਰ, ਸਾਰੀ ਧਰਤੀ ਦੀ ਖੁਸ਼ੀ, ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ।
3 ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ ਆਪਣੇ ਆਪ ਨੂੰ ਪਰਗਟ ਕੀਤਾ।
4 ਤਾਂ ਵੇਖੋ, ਰਾਜੇ ਇਕੱਠੇ ਹੋ ਗਏ, ਓਹ ਮਿਲ ਕੇ ਲੰਘ ਗਏ।
5 ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, ਵਿਆਕੁਲ ਹੋ ਕੇ ਉਹ ਉੱਠ ਭੱਜੇ!
6 ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ।
7 ਤੂੰ ਪੁਰੇ ਦੀ ਹਵਾ ਨਾਲ ਤਰਸ਼ੀਸ਼ ਸ਼ਹਿਰ ਦੇ ਜਹਾਜ਼ਾਂ ਨੂੰ ਭੰਨ ਸੁੱਟਦਾ ਹੈਂ।
8 ਜਿਵੇਂ ਅਸੀਂ ਸੁਣਿਆ ਹੈ ਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ, ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸੀਂ ਵੇਖਿਆ ਵੀ ਹੈ। ਪਰਮੇਸ਼ੁਰ ਉਹ ਨੂੰ ਸਦਾ ਤੱਕ ਕਾਇਮ ਰੱਖੇਗਾ। ਸਲਹ।
9 ਹੇ ਪਰਮੇਸ਼ੁਰ, ਅਸੀਂ ਤੇਰੀ ਹੈਕਲ ਦੇ ਵਿੱਚ ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ।
10 ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੱਕ ਹੈ, ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ।
11 ਤੇਰੇ ਨਿਆਂਵਾਂ ਦੇ ਕਾਰਨ ਸੀਯੋਨ ਪਰਬਤ ਅਨੰਦ ਹੋਵੇ, ਯਹੂਦਾਹ ਦੇ ਲੋਕ ਖੁਸ਼ੀਆਂ ਮਨਾਉਣ!
12 ਸੀਯੋਨ ਦੇ ਚੁਫ਼ੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜ਼ਾਂ ਨੂੰ ਗਿਣੋ।
13 ਉਹ ਦੇ ਸ਼ਹਿਰਪਨਾਹ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ।
14 ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ!